ਜੀਨੀਅਸ ਸਕੂਲ ‘ਚ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਯੋਜਨ
ਰੂਪਨਗਰ 25 ਮਈ ( ਅਮਿਤ ਅਰੋੜਾ )
ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਇੱਕ ਵਿਸ਼ੇਸ਼ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ਸੀ: “ਜਮਾਤ ਵਿਚ ਇਨਾਮ , ਮਾਨਤਾ ਅਤੇ ਸਜ਼ਾ ਦੇ ਵਿਕਲਪ”। ਇਸ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਐਲ.ਪੀ.ਯੂ. ਤੋਂ ਸਨਮਾਨਿਤ ਸੁਰਿੰਦਰ ਨਰੂਲਾ (ਸਹਾਇਕ ਪ੍ਰੋਫੈਸਰ) ਅਤੇ ਸੁਮੇਰ ਖੁਲਰ (ਸੰਯੋਜਕ) ਸ਼ਾਮਲ ਹੋਏ। ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਸਿਖਾਇਆ ਕਿ ਕਿਵੇਂ ਕਲਾਸ ਮੈਨੇਜਮੈਂਟ ਨੂੰ ਸਜ਼ਾ ਦੀ ਥਾਂ ਇਨਾਮ ਅਤੇ ਮਾਨਤਾ ਰਾਹੀਂ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਲਿਆਉਣ ਲਈ ਉਨ੍ਹਾਂ ਨੇ ਨਵੀਆਂ ਤਕਨੀਕਾਂ ਬਾਰੇ ਵੀ ਜਾਣੂ ਕਰਵਾਇਆ। ਇਹ ਸੈਸ਼ਨ ਬਹੁਤ ਹੀ ਗਿਆਨਵਰਧਕ ਰਿਹਾ ਅਤੇ ਸਾਰੇ ਅਧਿਆਪਕਾਂ ਨੇ ਇਸ ਤੋਂ ਕਾਫੀ ਕੁਝ ਸਿੱਖਿਆ। ਸਕੂਲ ਪ੍ਰਬੰਧਕ ਦੇ ਮੈਂਬਰ ਸੂਬਾ ਭੁਪਿੰਦਰ ਸਿੰਘ ਅਤੇ ਗੁਣਵੰਤ ਕੌਰ ਨੇ ਕਿਹਾ ਕਿ ਅਧਿਆਪਕਾਂ ਦੇ ਲਗਾਤਾਰ ਵਿਕਾਸ ਲਈ ਅਜਿਹੇ ਸੈਸ਼ਨ ਰੈਗੂਲਰ ਹੋਣੇ ਚਾਹੀਦੇ ਹਨ। ਸਕੂਲ ਦੀ ਨਿਰਦੇਸ਼ਕਾ ਗੁਰਪ੍ਰੀਤ ਮਾਥੁਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਅੱਜ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਹ ਸਮਝ ਆਈ ਕਿ ਹਰ ਵਾਰੀ ਸਜ਼ਾ ਦੇਣ ਦੀ ਲੋੜ ਨਹੀਂ, ਕਈ ਵਾਰੀ ਇਨਾਮ ਅਤੇ ਸਿਫ਼ਤ ਵੀ ਵਧੀਆ ਨਤੀਜੇ ਦੇ ਸਕਦੇ ਹਨ। ਉਪ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਨੇ ਅਧਿਆਪਕਾਂ ਦੀ ਸੋਚ ਨੂੰ ਨਵਾਂ ਰੁੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਜਦੋਂ ਵੀ ਜਮਾਤ ਵਿੱਚ ਜਾਣ, ਉਹ ਚੰਗੇ ਮੂਡ ਅਤੇ ਉਤਸ਼ਾਹ ਨਾਲ ਜਾਣ। ਵਿਦਿਆਰਥੀਆਂ ਦੀਆਂ ਛੋਟੀਆ-ਛੋਟੀਆ ਚੀਜ਼ਾਂ ਦੀ ਵੀ ਸਿਫ਼ਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਜਮਾਤ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ। ਅੰਤ ਵਿੱਚ, ਸੈਸ਼ਨ ਨੇ ਸਿੱਖਿਆ ਦਿੱਤੀ ਕਿ ਪ੍ਰੇਰਨਾ ਅਤੇ ਮਾਨਤਾ, ਸਜ਼ਾ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਹੋ ਸਕਦੇ ਹਨ।