ਜਿਲਾ ਸ.ਭ.ਸ. ਨਗਰ ਦੇ ਮਨਰੇਗਾ ਵਰਕਰਾਂ ਨੂੰ ਇਨਸਾਫ ਦਵਾਉਣ ਲਈ ਰਾਜਪਾਲ ਨੂੰ ਲਿਖਿਆ ਪੱਤਰ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ
ਨਵਾਂਸ਼ਹਿਰ 31 ਮਈ -ਮੋਹਿਤ ਕੁਮਾਰ
ਆਮ ਆਦਮੀ ਪਾਰਟੀ ਆਪਣੀ ਸੱਤਾ ਦੀ ਦੁਰਵਰਤੋਂ ਕਰ ਮਨਰੇਗਾ ਵਰਕਰਾਂ ਦਾ ਕਰ ਰਹੀ ਸ਼ੋਸ਼ਣ, ਇਨ੍ਹਾਂ ਗੱਲਾਂ ਦਾ ਜਿਕਰ ਕਾਂਗਰਸ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਸੰਵਿਧਾਨਿਕ ਮੁਖੀ ਰਾਜਪਾਲ ਨੂੰ ਇੱਕ ਪੱਤਰ ਰਾਂਹੀ ਦੱਸਿਆ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ ਤਹਿਤ ਮਿਹਨਤ-ਮਜਦੂਰੀ ਕਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਮਨਰੇਗਾ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀਆਂ ਸਿਆਸੀ ਰੈਲੀਆਂ ਅਤੇ ਸਮਾਗਮਾਂ ਵਿੱਚ ਜ਼ਬਰਨ ਸ਼ਾਮਲ ਕੀਤਾ ਜਾ ਰਿਹੈ। ਇਨ੍ਹਾਂ ਰੈਲੀਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਆਸੀ ਰੈਲੀਆਂ ਅਤੇ ਪ੍ਰੋਗਰਾਮ ਵੀ ਸ਼ਾਮਲ ਹਨ।| ਪੱਤਰ ਵਿੱਚ ਉਨ੍ਹਾਂ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਤਪਦੀ ਗਰਮੀ ਦੀਆਂ ਅਸਿਹ ਸਥਿਤੀਆਂ ਵਿੱਚ ਜਦੋਂ ਅੱਗ ਧਰਤੀ ਵਾਂਗ ਤਪਦੀ ਹੈ, ਉਨ੍ਹਾਂ ਨੂੰ ਘੰਟਿਆਂ ਤੱਕ ਬਿਨਾਂ ਕੁੱਝ ਖਾਣ-ਪੀਣ ਦੀ ਵਿਵਸਥਾ ਦੇ ਭੁੱਖੇ-ਪਿਆਸੇ ਖੜੇ ਰਹਿਣਾਂ ਪੈਂਦਾ ਹੈ। ਜ਼ਿਲ੍ਹਾ ਪ੍ਰਧਾਨ ਨੇ ਰਾਜਪਾਲ ਜੀ ਨੂੰ ਜਾਣੂ ਕਰਾਇਆ ਕਿ ਆਮ ਆਦਮੀ ਪਾਰਟੀ ਜੋ ਕਿ ਆਪਣੇ ਆਪ ਨੂੰ ਗਰੀਬਾਂ ਦੀ ਅਵਾਜ਼ ਹੋਣ ਦੇ ਦਾਅਵੇ ਕਰਦੀ ਸੀ, ਅੱਜ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਪਿੰਡਾਂ ਨੂੰ ਸਵਾਰਨ ਵਾਲੇ ਮਨਰੇਗਾ ਵਰਕਰਾਂ ਨੂੰ ਅਪਮਾਤਿਨ ਅਤੇ ਸ਼ੋਸ਼ਿਤ ਕੀਤਾ ਜਾ ਰਿਹੈ। ਇਹ ਨਾ ਸਿਰਫ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਹੈ ਸੱਗੋਂ ਸਾਡੇ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਤੇ ਇੱਕ ਕਲੰਕ ਵੀ ਹੈ। ਉਨ੍ਹਾਂ ਰਾਜਪਾਲ ਨੂੰ ਪੱਤਰ ਵਿੱਚ ਲਿਖਿਆ ਕਿ ਇਸ ਮੁੱਦੇ ਨੂੰ ਪਹਿਲ ਦੇ ਅਧਾਰ ਤੇ ਮਨਰੇਗਾ ਵਰਕਰਾਂ ਦੀ ਵੇਦਨਾ ਅਤੇ ਪੀੜਾ ਨੂੰ ਮਹਿਸੂਸ ਕਰਦੇ ਹੋਏ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਅਤੇ ਦੋਸ਼ੀਆਂ ਖਿਲਾਫ ਤੁਰੰਤ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਜਾਣ ਤਾਂ ਜੋ ਭਵਿੱਖ ਵਿੱਚ ਗਰੀਬਾਂ ਅਤੇ ਮਜ਼ਬੂਰਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ।