ਗੁਰਦੁਆਰਾ ਸਾਹਿਬ ’ਚ ਏ ਸੀ ਦਾ ਕੰਪਰੈਸ਼ਰ ਫਟਣ ਕਾਰਨ 1 ਔਰਤ ਦੀ ਮੌਤ, 9 ਤੋਂ ਵੱਧ ਜ਼ਖ਼ਮੀ ਹੋਏ ਸ਼ਰਧਾਲੂ
ਰੂਪਨਗਰ 3 ਜੂਨ ( ਅਮਿਤ ਅਰੋੜਾ )
ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ (ਗੁਰਦੁਆਰਾ ਟਿੱਬੀ ਸਾਹਿਬ) ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਇੱਕ ਏਅਰ ਕੰਡੀਸ਼ਨਰ ਦਾ ਕੰਪਰੈਸ਼ਰ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ (62) ਵਾਸੀ ਹਰਿਗੋਬਿੰਦ ਨਗਰ, ਰੂਪਨਗਰ ਦੱਸੀ ਜਾਂਦੀ ਹੈ। ਗੰਭੀਰ ਜ਼ਖ਼ਮੀ ਔਰਤ ਦੀ ਪਛਾਣ ਬਲਜੀਤ ਕੌਰ, ਪਿੰਡ ਭਲਿਆਣ ਵਜੋਂ ਹੋਈ ਹੈ, ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਅੱਜ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਇਸ ਦੌਰਾਨ ਅਚਾਨਕ ਹੀ ਇੱਕ ਸਟੈਂਡਿੰਗ ਏਅਰ ਕੰਡੀਸ਼ਨਰ ਦਾ ਕੰਪਰੈਸ਼ਰ ਫਟ ਗਿਆ ਅਤੇ ਅੱਗ ਦਾ ਭਾਂਬੜ ਮਚ ਗਿਆ।
ਇਸ ਕਾਰਨ 9 ਤੇ ਵੱਧ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰੂਪਨਗਰ ਦੇ ਨਿਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇਕ ਔਰਤ ਕਸ਼ਮੀਰ ਕੌਰ ਦੀ ਮੌਤ ਹੋ ਗਈ। ਇਕ ਗੰਭੀਰ ਜ਼ਖ਼ਮੀ ਔਰਤ ਬਲਜੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਸਨ