ਫੂਡ ਸੇਫਟੀ ਵਿਭਾਗ ਵੱਲੋ ਫੜਿਆਂ ਗਿਆ ਨਾ ਖਾਣ ਯੋਗ ਪਨੀਰ ਮੌਕੇ ਤੇ ਕੀਤਾ ਨਸ਼ਟ
ਰੂਪਨਗਰ 13 ਜੂਨ ( ਅਮਿਤ ਅਰੋੜਾ ) ਰੂਪਨਗਰ ਫੂਡ ਸੇਫਟੀ ਵਿਭਾਗ ਵੱਲੋ ਸ਼੍ਰੀ ਅਨੰਦਪੁਰ ਸਾਹਿਬ ਤੇ ਘਨੌਲੀ ਬੈਰੀਅਰ ਦੇ ਕੋਲ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਨਾਕਾ ਲਗਾਇਆ ਗਿਆ। ਇਸ ਮੌਕੇ ਫੂਡ ਸੇਫਟੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਵੱਲੋ ਫੂਡ ਸੇਫਟੀ ਵਿਭਾਗ ਨੂੰ ਗੁਪਤ ਜਾਣਕਾਰੀ ਦਿੱਤੀ ਗਈ ਸੀ। ਕਿ ਇਕ ਮਹਿੰਦਰਾ ਪਿਕਅੱਪ ਗੱਡੀ ਵੱਲੋ ਚੋਰੀ ਛਿਪੇ ਨਕਲੀ ਪਨੀਰ ਤੇ ਹੋਰ ਸਾਮਾਨ ਵੱਖ ਵੱਖ ਥਾਵਾਂ ਤੇ ਸਪਲਾਈ ਕੀਤਾ ਜਾ ਰਿਹਾ ਹੈ। ਫੂਡ ਸੇਫਟੀ ਵਿਭਾਗ ਨੂੰ ਜਿਵੇਂ ਹੀ ਇਸ ਗੱਡੀ ਦਾ ਪਤਾ ਲਗਾ ਤਾਂ ਉਹਨਾਂ ਨੇ ਨਾਕਾ ਲਗਾ ਕੇ ਇਕ ਗੱਡੀ ਨੂੰ ਰੰਗੇ ਹੱਥੀਂ ਫੜਨ ਲਈ ਆਪਣੀ ਪੂਰੀ ਟੀਮ ਨੂੰ ਨਾਲ ਲੈਕੇ ਨਾਕਾ ਲਗਾਇਆ ਤੇ ਵੱਡੀ ਕਾਮਯਾਬੀ ਹਾਸਿਲ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਮਨਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਦੀ ਪੂਰੀ ਟੀਮ ਨੇ ਮੌਕੇ ਤੇ ਪਹੁੰਚ ਕੇ ਗੱਡੀ ਨੂੰ ਰੰਗੇ ਹੱਥੀਂ ਫੜਿਆ ਤੇ ਉਸ ਵਿੱਚੋ ਇਕ ਕੁਇੰਟਲ ਦੇ ਕਰੀਬ ਪਨੀਰ ਤੇ 55 ਡਿੱਬੇ ਦਹੀ ਦੇ ਸੀਲ ਬੰਦ ਬਰਾਮਦ ਕੀਤੇ ਗਏ। ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਮਨਜਿੰਦਰ ਸਿੰਘ ਢਿੱਲੋਂ ਦੀਆਂ ਹਦਾਇਤਾਂ ਅਨੁਸਾਰ ਫੂਡ ਸੇਫਟੀ ਅਫ਼ਸਰ ਸਿਮਰਨਜੀਤ ਸਿੰਘ ਗਿੱਲ, ਦਿਨੇਸ਼ਜੋਤ ਸਿੰਘ ਵੱਲੋ ਕਾਰਵਾਈ ਕਰਦੇ ਹੋਏ ਦੋਨੋਂ ਵਸਤਾਂ ਦੇ ਸੈਂਪਲ ਭਰੇ ਗਏ। ਉਹਨਾਂ ਕਿਹਾ ਕਿ ਪਨੀਰ ਦੀ ਹਾਲਤ ਬਹੁਤ ਹੀ ਮਾੜੀ ਹੋਣ ਕਰਕੇ ਨਾ ਖਾਣ ਯੋਗ ਪਾਇਆ ਗਿਆ। ਮੌਕੇ ਤੇ ਹੀ ਸਾਰੇ ਪਨੀਰ ਨੂੰ ਫੂਡ ਟੀਮ ਤੇ ਆਮ ਜਨਤਾ ਦੀ ਹਾਜਰੀ ਵਿੱਚ ਇੱਕ ਖੱਡਾ ਪੁੱਟ ਕੇ ਪਨੀਰ ਨੂੰ ਨਸ਼ਟ ਕੀਤਾ ਗਿਆ। ਉਹਨਾਂ ਕਿਹਾ ਕਿ ਫੂਡ ਵਿਭਾਗ ਵੱਲੋਂ ਸੈਂਪਲ ਭਰ ਲਏ ਗਏ ਨੇ ਅੱਗੇ ਦੀ ਕਾਰਵਾਈ ਨੂੰ ਫੂਡ ਸੇਫਟੀ ਐਕਟ ਤਹਿਤ ਮਾਣਯੋਗ ਅਦਾਲਤ ਵਿੱਚ ਕੀਤਾ ਜਾਏਗਾ। ਇਸ ਮੌਕੇ ਪੱਤਰਕਾਰਾਂ ਦੇ ਰਾਹੀਂ ਮਨਜਿੰਦਰ ਸਿੰਘ ਢਿੱਲੋਂ ਨੇ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਬਾਹਰਲੇ ਜਿਲ੍ਹਿਆਂ ਵਿੱਚੋ ਆਣ ਵਾਲਾ ਸਸਤਾ ਤੇ ਘਟੀਆ ਪਨੀਰ ਢਾਬਿਆਂ ਤੇ ਹੋਟਲਾਂ ਉੱਤੇ ਨਾ ਵਰਤਿਆਂ ਜਾਵੇ ਨਹੀਂ ਤਾਂ ਉਹਨਾਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟੀਮ ਮੈਂਬਰ ਸੰਜੇ ਕੁਮਾਰ ਬੈਂਸ ਵੀ ਮੌਜੂਦ ਸਨ।