ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਜੰਡਿਆਲਾ ਗੁਰੂ ਅਤੇ ਹਰਜਿੰਦਰ ਬਾਹਮਣ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ -ਸਲੋਨੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜੰਡਿਆਲਾ ਗੁਰੂ ਵਿਖੇ ਹਰਜਿੰਦਰ ਬਾਹਮਣ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ। ਬਾਦਲ ਨੇ ਇਨ੍ਹਾਂ ਦੀ ਦੁੱਖ-ਵਿਆਥਾ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਚੌਪਟ ਹੋ ਚੁੱਕੀ ਹੈ ਅਤੇ ਆਪ ਸਰਕਾਰ ਦੇ ਰਾਜ ਵਿੱਚ ਗੁੰਡਾਗਰਦੀ ਤੇ ਡਰ ਦਾ ਮਾਹੌਲ ਬਣ ਗਿਆ ਹੈ।ਸੁਖਬੀਰ ਬਾਦਲ ਨੇ ਦੱਸਿਆ ਕਿ ਹਰਜਿੰਦਰ ਬਾਹਮਣ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਅਤੇ ਇਕ ਵਾਰੀ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਪੰਜਾਬ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਕਤਲੇਆਮ ਹੋ ਰਹੇ ਹਨ। “ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕਦੇ ਹਨ, ਉਨ੍ਹਾਂ ਨੂੰ ਸ਼ਰੇਆਮ ਮਾਰਿਆ ਜਾਂਦਾ ਹੈ। ਇਹ ਸਿਰਫ਼ ਪੈਸਾ ਕਮਾਉਣ ਵਾਲਾ ਨੇਕਸਸ ਬਣ ਗਿਆ ਹੈ,” ਸੁਖਬੀਰ ਨੇ ਕਿਹਾ ਕਿ ਗੈਂਗਸਟਰ ਸ਼ਰੇਆਮ ਧਮਕੀਆਂ ਦੇ ਰਹੇ ਹਨ ਅਤੇ ਪੁਲਿਸ ਲੋਕਾਂ ਦੀ ਰਾਖੀ ਕਰਨ ਦੀ ਥਾਂ ਉਲਟੇ ਉਨ੍ਹਾਂ ਨੂੰ ਡਰਾ ਰਹੀ ਹੈ। “ਮੈਂ ਖੁਦ ਕਈ ਪਰਿਵਾਰਾਂ ਨਾਲ ਮਿਲਿਆ ਹਾਂ, ਜਿੱਥੇ ਪੁਲਿਸ ਵਾਲਿਆਂ ਨੇ ਪੈਸੇ ਮੰਗੇ ਕਿ ਨਹੀਂ ਤਾਂ ਮੁੰਡੇ ਨੂੰ ਝੂਠੇ ਐਨਕਾਊਂਟਰ ‘ਚ ਮਾਰ ਦੇਵਾਂਗੇ।”ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਸਿੱਧਾ ਸੰਦੇਸ਼ ਦਿੱਤਾ ਕਿ ਇਹ ਉਨ੍ਹਾਂ ਦੀ ਜ਼ਿਮੇਵਾਰੀ ਹੈ ਕਿ ਉਹ ਪਰਿਵਾਰ ਨੂੰ ਇਨਸਾਫ ਦਿਵਾਉਣ, ਮੁਆਵਜ਼ਾ ਅਤੇ ਨੌਕਰੀ ਦੇਣ ਦੀ ਕਦਮ ਚੁੱਕੇ। “ਅਸੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਵੇਖੀਆਂ ਹਨ, ਪਰ ਪੁਲਿਸ ਸੇਵਾ ਵਿਚ ਰਹਿਣ ਵਾਲਿਆਂ ਨੂੰ ਆਪਣੀ ਜ਼ਿਮੇਵਾਰੀ ਨਿਭਾਉਣੀ ਪਵੇਗੀ,” ਉਨ੍ਹਾਂ ਨੇ ਪੁਲਿਸ ਨੂੰ ਸੰਦੇਸ਼ ਦਿੰਦਿਆਂ ਆਖਿਆ। ਆਖਰ ਵਿਚ, ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂ ਢੀਂਡਸਾ ਸਾਬ ਦੇ ਦੇਹਾਂਤ ‘ਤੇ ਗਹਿਰੀ ਸੰਵੇਦਨਾ ਵੀ ਪ੍ਰਗਟਾਈ।