ਤਰਨਤਾਰਨ -ਗੁਰਵਿੰਦਰ ਸਿੰਘ
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ ਸਿੱਖੀ ਐੱਨ.ਡੀ.ਏ.ਵਿੰਗ ਖਡੂਰ ਸਾਹਿਬ ਦੇ 24 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਵੀ.ਏ) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ ਯੂ.ਪੀ.ਐੱਸ.ਸੀ. ਦੁਆਰਾ ਆਯੋਜਿਤ ਕੀਤੀ ਜਾਂਦੀ ਹੈ। ਇਹ ਸਾਰੇ ਵਿਦਿਆਰਥੀ ਹੁਣ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਜਾਣਗੇ ਜੋ ਕਿ ਚੋਣ ਲਈ ਅਗਲਾ ਕਦਮ ਹੈ। ਇਹ ਨਿਸ਼ਾਨ-ਏ-ਸਿੱਖੀ ਸੰਸਥਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਹ ਮੁਕਾਬਲਾ ਬਹੁਤ ਸਖਤ ਹੁੰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਿਆਂ ਸਫਲਤਾ ਹਾਸਲ ਕੀਤੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਸੰਸਥਾ ਦੇ 26 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਮੇਜਰ ਜਨਰਲ ਬਲਵਿੰਦਰ ਸਿੰਘ (ਵੀ.ਐੱਸ.ਐੱਮ) (ਸੇਵਾਮੁਕਤ) ਡਾਇਰੈਕਟਰ, ਐੱਨ.ਡੀ.ਏ ਵਿੰਗ ਨੇ ਦੱਸਿਆ ਕਿ ਅਜਿਹੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਐੱਨ.ਐੱਸ.ਆਈ.ਐੱਸ.ਟੀ. (ਐੱਨ.ਡੀ.ਏ. ਵਿੰਗ) ਵਿਖੇ ਚੋਣ ਅਤੇ ਸਿਖਲਾਈ ਦਾ ਜ਼ਿਕਰ ਕਰਿਦਆਂ ਇਸ ਸੰਬੰਧੀ ਪ੍ਰਿਕਿਰਿਆ ਬਾਰੇ ਦੱਸਿਆ । ਬਾਬਾ ਸੇਵਾ ਸਿੰਘ ਜੀ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਸਖ਼ਤ ਮਿਹਨਤ ਕਰਨ ਅਤੇ ਪਰਮਾਤਮਾ ਦਾ ਸਦਾ ਨਾਮ ਜਪਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਬਾਬਾ ਬਲਦੇਵ ਸਿੰਘ, ਫਕੈਲਟੀ ਇੰਚਾਰਜ ਸ੍ਰੀ ਦਿਨੇਸ਼ ਗੁਪਤਾ, ਡਿਪਣੀ ਡਾਇਰੈਕਟਰ ਕਰਨਲ ਗੁਰਮੀਤ ਸਿੰਘ (ਸੇਵਾਮੁਕਤ) ਡਾਇਰੈਕਟਰ ਡਾ. ਕਮਲਜੀਤ ਸਿੰਘ, ਸਕੱਤਰ ਵਰਿਆਮ ਸਿੰਘ, ਸੂਬੇਦਾਰ ਕੁਲਵੰਤ ਸਿੰਘ ਅਤੇ ਸੰਸਥਾ ਦੇ ਸਟਾਫ ਮੈਂਬਰ ਹਾਜ਼ਰ ਸਨ